ਖ਼ਜਾਨਾ

ਕੇਰਲ ਦੇ ਇੱਕ ਵੱਡੇ ਮੰਦਿਰ ਵਿਚੋਂ ਮਣਾਂਮੂੰਹੀਂ ਖ਼ਜਾਨਾ ਲੱਭਣ ਨਾਲ ਖ਼ਬਰਾਂ ਵੇਖਣ ਵਾਲਿਆਂ ਦੇ ਢਿੱਡ ਵਿਚ ਵੀ ਕੁਤਕੁਤਾੜੀਆਂ ਨਿੱਕਲ ਰਹੀਆਂ ਸਨ, ਜਿਵੇਂ ਉਨ੍ਹਾਂ ਦੇ ਘਰੋਂ ਹੀ ਇਹ ਪਟਾਰੀ ਮਿਲੀ ਹੋਵੇ। ਕਈ ਵਿਚਾਰੇ ਸੋਚ ਰਹੇ ਸਨ, ਕੀ ਫ਼ਰਕ ਪੈਂਦਾ ਜੇ ਸਾਡੇ ਬਾਬੇ ਦਾਦੇ ਵੀ ਐਦੂੰ ਅੱਧਾ ਖ਼ਜਾਨਾ ਹੀ ਕਿਤੇ ਦੱਬ ਜਾਂਦੇ। ਕਈ ਪ੍ਰੇਸ਼ਾਨ ਹੋ ਰਹੇ ਹਨ ਕਿ ਰਾਜੇ ਵਰਮਨ ਦੇ ਗੋਰੇ ਅੰਗਰੇਜ਼ਾਂ ਤੋਂ ਇਹ ਦੌਲਤ ਬਚਾ ਲਈ ਪਰ ਹੁਣ ਕਾਲੇ ਅੰਗਰੇਜ਼ਾਂ ਤੋਂ ਇਸ ਨੂੰ ਕੌਣ ਬਚਾਊ? ਕਈਆਂ ਦਾ ਮਨ ਕਹਿ ਰਿਹਾ ਹੈ ਕਿ ਕਿਤੇ ਅੰਗਰੇਜ਼ ਹਿੰਦੋਸਤਾਨ ਤੇ ਕਾਨੂੰਨੀ ਦਾਅਵਾ ਹੀ ਨਾ ਠੋਕ ਦੇਣ ਕਿ ਮਿੱਤਰੋ, ਸੋਨੇ ਦੀ ਚਿੜੀ ਦੇ ਬਚੇ ਖੁਚੇ ਖੰਭ ਵੀ ਸਾਡੇ ਹਨ, ਸਾਡਾ ਹੱਕ ਏਥੇ ਰੱਖ ! ਖੁੰਢਾਂ ਦੀ ਜੁੜੀਆਂ ਢਾਣੀਆਂ ਤੋਂ ਇਹੀ ਫ਼ੈਸਲਾ ਨਹੀਂ ਹੋ ਰਿਹਾ ਕਿ ਆਖ਼ਿਰ ਹੁਣ ਇਹ ਖ਼ਜਾਨਾ ਕਿਸ ਨੂੰ ਦਿੱਤਾ ਜਾਵੇ?
ਟੋਭੇ ਵਿਚ ਸੁੱਟੀ ਇੱਟ ਵਾਂਗ ਇਸ ਖੜਕੇ ਦੜਕੇ ਨਾਲ ਮੈਨੂੰ ਆਪਣੇ ਟੱਬਰ ਨਾਲ ਹੋਈ ਬੀਤੀ ਯਾਦ ਆ ਰਹੀ ਹੈ। ਕੇਰਾਂ ਕਿਸੇ ਸਾਧ ਨੇ ਟੱਬਰ ਦੀ ਤ੍ਰੀਮਤਾਂ ਨੂੰ ਪੱਕਾ ਕਰ ਦਿੱਤਾ ਕਿ ਭਾਈ ਥੋਡੇ ਘਰੇ ਤਾਂ ਇੱਕ ਬਹੁਤ ਵੱਡੀ ਗਾਗਰ ਦੱਬੀ ਹੋਈ ਹੈ, ਐਨ ਸੋਨੇ ਚਾਂਦੀ ਨਾਲ ਨੱਕੋ ਨੱਕ ਭਰੀ ਹੋਈ। ਟੱਬਰ ਦੀਆਂ ਜਗ ਗਈਆਂ ਲਾਈਟਾਂ। ਬਿਨਾਂ ਟਿਕਟ ਤੋਂ ਬੰਪਰ ਲਾਟਰੀ, ਕਿਆ ਬਾਤ ਹੈ! ਬਾਬਾ ਜੀ ਕੋਈ ਦੱਸੋ ਤਰੀਕਾ। ਅਸੀਂ ਤਾਂ ਸਾਰੇ ਘਰ ਹੀ ਇੱਟ ਨਾਲ ਇੱਟ ਖੜਕਾਉਣ ਨੂੰ ਤਿਆਰ ਹੋ ਗਏ। ਪਰ ਮਹਾਰਾਜ ‘ਅੰਤਰਯਾਮੀ’ ਸੀ। ਆਖਣ ਲੱਗੇ, ਨਾ ਬੱਚਾ ਨਾ, ਕਾਹਲੀ ‘ਚ ਕਿਸੇ ਜੀਵ ਦਾ ਨੁਕਸਾਨ ਨਾ ਕਰਵਾ ਲਿਓ। ਓਸ ਵਲਟੋਹੇ ਤੇ ਇੱਛਾਧਾਰੀ ਨਾਗ ਦਾ ਪਹਿਰਾ ਹੈ।

Continue reading

Posted in Samar | Tagged | Leave a comment

ਜੰਗਲ

ਨਾਹਰਿਆਂ ਦਾ ਜੰਗਲ ਹੈ ਸੱਚ ਨੂੰ ਲੁਕਾ ਰਿਹਾ
ਰੂਹ ਦੀ ਸਰਦਲ ਤੇ ਗੁਬਾਰ ਜਿਹਾ ਛਾ ਰਿਹਾ

ਦੋਸ਼ੀ ਵੱਲ ਉਂਗਲ ਕਰਕੇ ਬੰਦਾ ਇਉਂ ਘਬਰਾ ਰਿਹਾ
ਜਿਉਂ ਚਾਨਣ ਨੂੰ ਹਨੇਰੇ ਤੋਂ ਹੋਵੇ ਖਤਰਾ ਜਿਹਾ

ਕੱਲ੍ਹ ਦੀ ਉਡੀਕ ਵਿਚ ਅੱਜ ਤੋਂ ਮੂੰਹ ਮੁੜਦਾ ਰਿਹਾ
ਜੜ੍ਹ ਬਣ ਗਿਆ ਬੰਦਾ ਜੋ ਕਦੇ ਤਾਰੇ ਫੜਦਾ ਰਿਹਾ

ਜੇਬ ਖਾਲੀ ਉੱਪਰ ਪੰਡ ਕਰਜ਼ੇ ਵਾਲੀ ਐਪਰ
ਵੇਖੋ ਹੌਸਲਾ, ਬੰਦਾ ਫੇਰ ਵੀ ਕਿਵੇਂ ਮੁਸਕੁਰਾ ਰਿਹਾ

ਅੱਜ ਲੰਘਿਐ ਸ਼ਮੀ ਕੋਲੋ ਯਾਦਾਂ ਦਾ ਕਾਫ਼ਲਾ ਜਿਹਾ
ਤਪਦੇ ਹਾੜ੍ਹ ਆਉਂਦਾ ਜਿਉਂ ਪੌਣ ਦਾ ਹੁਲਾਰਾ ਜਿਹਾ।

Posted in poetry, Samar | Leave a comment

ਕਬਿੱਤ

ਲਗਦੀਆਂ ਏਥੇ ਅੱਗਾਂ, ਲਹਿੰਦੀਆਂ ਸਿਰੋਂ ਪੱਗਾਂ,
ਮੱਲਿਆ ਏ ਪਿੜ ਠੱਗਾਂ, ਪਿਆ ਘਸਮਾਣ ਹੈ।

ਉਲਝਿਆ ਤੰਦ ਤਾਣਾ, ਖੋਖਲਾ ਹੈ ਤਾਣਾ ਬਾਣਾ,
ਦੁਖੀ ਫਿਰੇ ਸਾਰਾ ਲਾਣਾ, ਕਿੱਥੇ ਭਗਵਾਨ ਹੈ?

ਦੁੱਖ ਤੇ ਗਰੀਬੀ ਸਾਰੀ, ਫਿਕਰਾਂ ਦੀ ਪੰਡ ਭਾਰੀ,
ਚੁੱਕੀ ਫਿਰੇ ਹਾਰੀ ਸਾਰੀ, ਕਿਸਦਾ ਧਿਆਨ ਹੈ?

ਜੋ ਵੀ ਹੁੰਦਾ ਹੋਈ ਜਾਵੇ, ਪਾਪੀ ਰਾਜਾ ਸੋਈ ਜਾਵੇ,
ਚੋਰ ਠੱਗ ਲੁੱਟੀ ਜਾਵੇ, ਖੁਸ਼ ਬੇਈਮਾਨ ਹੈ।

ਵੋਟਾਂ ਨਾਲ ਲੈ ਕੇ ਰਾਜ, ਸੱਤਾ ਵਾਲਾ ਕੰਮ ਕਾਜ,
ਪਿੱਛੋਂ ਬਣੇ ਧੋਖੇਬਾਜ, ਕਰੇ ਪਸ਼ੇਮਾਨ ਹੈ।

ਘਪਲੇ ਜੋ ਵੱਡੇ ਛੋਟੇ, ਮਜਲੂਮਾਂ ਉੱਤੇ ਥੋਪੇ,
ਭੋਰਾ ਵੀ ਨਾ ਸ਼ਮੀ ਡਰੇ, ਕਰੇ ਪੁਣਛਾਣ ਹੈ।

Posted in poetry | Tagged , | Leave a comment